Share on Facebook

Main News Page

“ਸ਼ਹੀਦੀ ਯਾਦਗਾਰ” ਨੂੰ ਲੈ ਕੇ ਖੁੱਸ ਸਕਦੀ ਹੈ ਮੱਕੜ ਦੀ ਪ੍ਰਧਾਨਗੀ
- ਜਸਬੀਰ ਸਿੰਘ ਪੱਟੀ 09356024684

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬਣੀ ਸ਼ਹੀਦੀ ਯਾਦਗਾਰ ਨੂੰ ਲੈ ਕੇ ਉਠੇ ਵਿਵਾਦ ਨੂੰ ਲੈ ਕੇ ਪੰਜਾਬ ਦੀ ਹਾਕਮ ਧਿਰ ਸ੍ਰੋਮਣੀ ਅਕਾਲੀ ਦਲ ਗੰਭੀਰ ਸੰਕਟ ਵਿੱਚ ਫਸੀ ਹੋਈ ਹੈ ਅਤੇ ਇਹ ਯਾਦਗਰ ਜਿਥੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਉਥੇ ਇਹ ਸ਼ਹੀਦੀ ਯਾਦਗਾਰ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵੀ ਖੁੱਸ ਸਕਦੀ ਹੈ ਕਿਉਂਕਿ ਯਾਦਗਾਰ ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਦੋ ਇੰਚ ਦੀ ਤਸਵੀਰ ਲਗਾਉਣ ਤੋ ਇਲਾਵਾ ਉਹ ਇਤਿਹਾਸ ਵੀ ਲਿੱਖ ਦਿੱਤਾ ਗਿਆ ਹੈ ਜਿਹੜਾ ਇਸ ਦੇਸ ਦੀ ਅਖੌਤੀ ਪ੍ਰਭੁਸੱਤਾ ਦੇ ਅਖੌਤੀ ਰਾਖਿਆ ਨੂੰ ਸਿੱਧੇ ਰੂਪ ਵਿੱਚ ਪ੍ਰਵਾਨ ਨਹੀਂ ਹੈ।

ਦੀ ਦੋ ਇੰਚ ਦੀ ਤਸਵੀਰ ਲਗਾਉਣ ਤੋ ਇਲਾਵਾ ਉਹ ਇਤਿਹਾਸ ਵੀ ਲਿੱਖ ਦਿੱਤਾ ਜਿਹੜਾ ਦੇਸ ਦੀ ਪ੍ਰਭੁਸੱਤਾ ਦੇ ਰਾਖਿਆ ਨੂੰ ਸਿੱਧੇ ਰੂਪ ਵਿੱਚ ਪ੍ਰਵਾਨ ਨਹੀਂ ਹੈ।

ਸਿਆਸਤ ਵਿੱਚ ਮਾਸਟਰ ਡਿਗਰੀ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਜਿਸ ਦਿਨ ਇਹ ਸ਼ਹੀਦੀ ਯਾਦਗਾਰ ਬਣਾਉਣ ਦੀ ਇਜਾਜਤ ਦਿੱਤੀ ਗਈ ਸੀ ਉਸੇ ਦਿਨ ਹੀ ਕੁਝ ਗਹਿਰ ਗੰਭੀਰ ਸੋਚ ਰੱਖਣ ਵਾਲੇ ਬੁੱਧੀਜੀਵੀ ਵਰਗ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿਆਸਤ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਕਾਰਜਕਾਲ ਦੌਰਾਨ ਸ਼ਹੀਦੀ ਯਾਦਗਾਰ ਉਸਾਰਨ ਦਾ ਪੰਗਾ ਇਸ ਕਰਕੇ ਨਹੀਂ ਲਿਆ ਸੀ ਕਿ ਸਿੱਖ ਤਾਂ ਪਹਿਲਾਂ ਹੀ ਕਈ ਧੜਿਆ ਵਿੱਚ ਵੰਡੇ ਹੋਏ ਹਨ ਤੇ ਹੋਰ ਨਾ ਵੰਡੇ ਜਾਣ ਪਰ ਸ੍ਰੀ ਬਾਦਲ ਨੇ ਇਹ ਫੈਸਲਾ ਕਿਉ ਤੇ ਕਿਹਨਾਂ ਕਾਰਨਾਂ ਕਰਕੇ ਲਿਆ ਇਸ ਦਾ ਇਲਮ ਤਾਂ ਸਿਰਫ ਸ੍ਰੀ ਬਾਦਲ ਨੂੰ ਹੀ ਹੋ ਸਕਦਾ ਹੈ ਜਿਹਨਾਂ ਬਾਰੇ ਇਹ ਮੰਨਣਾ ਹੈ ਕਿ ਉਹਨਾਂ ਦਾ ਢਿੱਡ ਸਮੁੰਦਰ ਦੀਆ ਗਹਿਰਾਈਆ ਤੋ ਵੀ ਵਧੇਰੇ ਗਹਿਰਾ ਹੈ ਜਿਸ ਬਾਰੇ ਤਾਂ ਹਾਸਰਾਸ ਕਲਾਕਾਰ ਜਸਵਿੰਦਰ ਭੱਲਾ ਨੇ ਆਪਣੀ ਇੱਕ ਕੈਸਿਟ ਵੀ ਜ਼ਿਕਰ ਕਰਦਿਆ ਕਿਹਾ ਸੀ ਕਿ, ‘‘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਮੇਂ ਸਿਵਾਏ ਬਾਦਲ ਦੇ ਹੋਰ ਕਿਸੇ ਵਿਅਕਤੀ ਨੂੰ ਕੁਝ ਪਤਾ ਨਹੀਂ ਹੁੰਦਾ ਇਥੋਂ ਤੱਕ ਕਿ ਸ੍ਰੀ ਗੁਰੂ ਰਾਮਦਾਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਬਾਦਲ ਪ੍ਰਧਾਨਗੀ ਦਾ ਤਾਜ ਕਿਸ ਆਪਣੇ ਵਿਸ਼ਵਾਸ ਪਾਤਰ ਦੇ ਸਿਰ ਤੇ ਰੱਖਣਗੇ।’’

ਸ਼ਹੀਦੀ ਯਾਦਗਾਰ ਦਾ ਵਿਵਾਦ ਤਾਂ ਉਸੇ ਦਿਨ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਸੀ ਕਿ ਸ਼ਹੀਦੀ ਯਾਦਗਾਰ ਸ੍ਰੀ ਦਰਾਬਰ ਸਾਹਿਬ ਕੰਪਲੈਕਸ ਵਿੱਚ ਹੀ ਉਸਾਰੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਤੇ ਪਤੀ ਪਤਨੀ ਦੇ ਰਿਸ਼ਤੇ ਵਾਲੀ ਪਾਰਟੀ ਭਾਜਪਾ ਨੇ ਵੀ ਇਸ ਦਾ ਵਿਰੋਧ ਉਸੇ ਦਿਨ ਤੋ ਹੀ ਕਰ ਦਿੱਤਾ ਸੀ ਅਤੇ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੋ ਝਾੜ ਪਾਈ ਤਾਂ ਅਗਲੇ ਦਿਨ ਹੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨ ਦਾਗ ਦਿੱਤਾ ਸੀ ਕਿ ਇਥੇ ਸਿਰਫ ਗੁਰੂਦੁਆਰਾ ਹੀ ਉਸਾਰਿਆ ਜਾਵੇਗਾ ਕਿਸੇ ਦੀ ਵੀ ਫੋਟੋ ਜਾਂ ਕੋਈ ਬੋਰਡ ਨਹੀਂ ਲੱਗੇਗਾ ਪਰ ਉਹਨਾਂ ਦੇ ਬਿਆਨ ਦੇਣ ਦੇ ਬਾਵਜੂਦ ਵੀ ਉਹੀ ਕੁਝ ਹੋਇਆ ਜਿਸ ਬਾਰੇ ਸਭ ਨੂੰ ਚਿੰਤਾ ਸੀ।

ਸ਼ਹੀਦੀ ਯਾਦਗਾਰ ਦੀ ਸੇਵਾ ਕਰਾਉਣ ਵਾਲੇ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਇਸ ਕਦਰ ਦੜ ਵੱਟੀ ਰੱਖੀ ਕਿ ਜਿਵੇ ਉਹਨਾਂ ਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ ਤੇ ਉਹ ਦਿਨ ਰਾਤ ਖੁਦ ਯਾਦਗਾਰ ਦੀ ਸੇਵਾ ਵਿੱਚ ਜੁੱਟੇ ਰਹੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਇਸ ਯਾਦਗਾਰ ਦਾ ਇਸ ਕਰਕੇ ਵਿਰੋਧ ਕੀਤਾ ਕਿਉਕਿ ਉਹਨਾਂ ਦਾ ਮੰਨਣਾ ਸੀ ਕਿ ਯਾਦਗਾਰ ਹਮੇਸ਼ਾਂ ਹੀ ਸਮਾਰਕ ਦੇ ਰੂਪ ਵਿੱਚ ਹੁੰਦੀ ਹੈ ਗੁਰੂਦੁਆਰੇ ਦੇ ਰੂਪ ਵਿੱਚ ਨਹੀਂ ਬਣਾਈ ਜਾ ਸਕਦੀ ਪਰ ਉਹਨਾਂ ਦੇ ਵਿਰੋਧ ਦੇ ਬਾਵਜੂਦ ਵੀ ਯਾਦਗਾਰ ਦੀ ਉਸਾਰੀ ਦਾ ਕਾਰਜ ਜੰਗੀ ਪੱਧਰ ਤੇ ਚੱਲਦਾ ਰਿਹਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਨਾਅਮਹਿਲੀਅਤ ਤੇ ਅਣਗਹਿਲੀ ਦੇ ਕਾਰਨ ਹੀ ਇਹ ਵਿਵਾਦ ਆਰੰਭ ਹੋਇਆ ਹੈ ਕਿਉਕਿ ਉਹਨਾਂ ਦਾ ਧਿਆਨ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਬਜਾਏ ਵਿਰੋਧੀਆ ਨਾਲ ਹੀ ਉਲਝਣ ਵੱਲ ਲੱਗਾ ਰਹਿੰਦਾ ਹੈ ਜਦ ਕਿ ਉਹਨਾਂ ਬਾਰੇ ਤਾਂ ਆਮ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਆਕਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਧੁਤਰੂ ਬਣ ਕੇ ਵਿਚਰਦੇ ਹਨ ਅਤੇ ਜਿਹੜੇ ਵਿਰੋਧੀਆ ਦਾ ਜਵਾਬ ਸ੍ਰੀ ਬਾਦਲ ਦੇਣਾ ਯੋਗ ਵੀ ਨਹੀਂ ਸਮਝਦੇ ਉਸ ਦਾ ਜਵਾਬ ਇੱਕ ਸਿਆਸੀ ਨੇਤਾ ਵਾਂਗ ਸ੍ਰੀ ਮੱਕੜ ਸਿੱਖਾਂ ਦੀ ਸਰਬ ਸਾਂਝੀ ਤੇ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੀ ਮਸ਼ੀਨਰੀ ਦੀ ਦੁਰਵਰਤੋ ਕਰਕੇ ਦੇਣ ਤੋ ਨਹੀਂ ਉਕਦੇ।

ਸ਼ਹੀਦੀ ਯਾਦਗਾਰ ਦੀ ਉਸਾਰੀ ਤੋ ਉਪਰੰਤ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਭਿੰਡਰਾਂਵਾਲਿਆ ਦੀ ਦੋ ਇੰਚ ਦੀ ਤਸਵੀਰ ਵਾਲੀ ਘੜੀ ਤੇ ਵਿਵਾਦਤ ਬੋਰਡ ਜਿਸ ਦਿਨ ਯਾਦਗਾਰ ਦੀਆ ਚਾਬੀਆ ਸ਼੍ਰੋਮਣੀ ਕਮੇਟੀ ਨੂੰ ਸੋਪਣੀਆ ਸਨ ਉਸੇ ਰਾਤ ਹੀ ਲਗਾਏ ਤੇ ਉਹਨਾਂ ਨੂੰ ਉਸੇ ਵੇਲੇ ਤੱਕ ਕੱਪੜੇ ਤੇ ਅਖਬਾਰਾਂ ਨਾਲ ਢੱਕੀ ਰੱਖਿਆ ਜਦੋਂ ਤੱਕ ਬਾਬਾ ਧੁੰਮਾਂ ਨੇ ਇੱਕ ਧਾਰਮਿਕ ਸਮਾਗਮ ਕਰਕੇ ਚਾਬੀਆ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਸੋਂਪ ਨਹੀਂ ਦਿੱਤੀਆ। ਜਦੋਂ ਮੱਕੜ ਨੂੰ ਬਾਬਾ ਧੁੰਮਾਂ ਚਾਬੀਆ ਵਾਲੀ ਪੋਟਲੀ ਸੋਂਪ ਰਿਹਾ ਸੀ ਤਾਂ ਉਸੇ ਵੇਲੇ ਮੱਕੜ ਦੇ ਚਿਹਰੇ ਜਲੋਅ ਵੇਖਣ ਵਾਲਾ ਸੀ ਸ਼ਾਇਦ ਉਹ ਉਸ ਸਮੇਂ ਇਸ ਤੋਂ ਬੇਖਬਰ ਸੀ ਕਿ ਇਹ ਜਲੋਆ ਥੋੜੇ ਸਮੇਂ ਦਾ ਹੀ ਹੈ। ਕੁਝ ਘੰਟਿਆ ਬਾਅਦ ਹੀ ਬੋਰਡਾਂ ਤੇ ਘੜੀ ਤੋ ਕੱਪੜੇ ਹੱਟਾ ਕੇ ਉਹਨਾਂ ਦੀ ਘੁੰਡ ਚੁਕਾਈ ਦੀ ਰਸਮ ਜਦੋਂ ਅਦਾ ਕੀਤੀ ਗਈ ਤਾਂ ਸਰਕਾਰੀ ਏਜੰਸੀਆ ਦੀਆ ਤਾਰਾ ਉਸੇ ਵੇਲੇ ਹੀ ਦਿੱਲੀ ਦਰਬਾਰ ਤੱਕ ਖੜਕ ਗਈਆ ਤੇ ਚੰਦ ਮਿੰਟਾਂ ਬਾਅਦ ਹੀ ਮੱਕੜ ਦੇ ਚਿਹਰੇ ਦੀ ਆ ਲਾਲੀਆ ਇੰਜ ਗਾਇਬ ਹੋ ਗਈਆ ਜਿਵੇਂ ਕੋਈ ਪਰਲੋ ਆ ਗਈ ਹੋਵੇ। ਮੱਕੜ ਨੂੰ ਉਸ ਦੇ ਆਕਾ ਸ੍ਰੀ ਪਰਕਾਸ਼ ਸਿੰਘ ਬਾਦਲ ਤੋਂ ਸਿਰਫ ਝਿੜਕਾਂ ਦਾ ਗੱਫਾ ਹੀ ਨਹੀਂ ਮਿਲਿਆ ਸਗੋਂ ਉਸ ਨੂੰ ਇਹ ਵੀ ਆਦੇਸ਼ ਮਿਲੇ ਕਿ ਬਿਨਾਂ ਕਿਸੇ ਦੇਰੀ ਤੋ ਫੋਟੋ ਵਾਲੀ ਘੜੀ ਤੇ ਬੋਰਡ ਤੁਰਮਤ ਹਟਾ ਦਿੱਤੇ ਜਾਣ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉਸੇ ਵੇਸੇ ਉਸ ਪਾਸੇ ਭੱਜੇ ਪਰ ਉਥੇ ਸੰਗਤਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੀ ਮੱਕੜ ਸੈਨਾ ਬੋਰਡਾਂ ਨੂੰ ਪੁੱਟ ਨਾ ਸਕੀ ਤੇ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਰਾਤ ਤੱਕ ਮੁਲਤਵੀ ਕਰ ਦਿੱਤਾ ਗਿਆ। ਰਾਤ ਸਮੇਂ ਜਦੋਂ ਸ਼੍ਰੋਮਣੀ ਕਮੇਟੀ ਦੀ ਮੱਕੜ ਸੈਨਾ, ਟਾਸਕ ਫੋਰਸ ਤੇ ਕਾਰਖਾਨੇ ਦੇ ਮੁਲਾਜ਼ਮ ਐਡੀਸ਼ਨਲ ਮੈਨੇਜਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਬੋਰਡਾਂ ਨੂੰ ਪੁੱਟਣ ਲਈ ਆਏ ਤਾਂ ਅੱਗੋ ਦਮਦਮੀ ਟਕਸਾਲ ਤੇ ਸੰਗਤਾਂ ਨੇ ਕਿਰਪਾਨਾਂ ਸੂਤ ਲਈਆ ਤਾਂ ਮੱਕੜ ਦੀ ਇਸ ਡੁਰਲੀ ਫੌਜ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਅਗਲੇ ਦਿਨ ਭਿੰਡਰਾਂਵਾਲਿਆ ਦੀ ਫੋਟੋ ਵਾਲੀ ਘੜ•ੀ ਤਾਂ ਭਾਂਵੇ ਲਾਹ ਦਿੱਤੀ ਗਈ ਪਰ ਬੋਰਡ ਅੱਜ ਵੀ ਜਿਉ ਦੇ ਤਿਉ ਲੱਗੇ ਹੋਏ ਹਨ।

ਇਸ ਮਸਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ,ਦਮਦਮੀ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਅਤੇ ਅਕਾਲੀ ਆਗੂ ਤੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਗੁਪਤ ਮੀਟਿੰਗ ਹੋਈ ਪਰ ਇਹ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਇਸ ਕਰਕੇ ਰਹੀ ਕਿ ਮੱਕੜ ਨੇ ਬਾਬਾ ਧੁੰਮਾਂ ਨੂੰ ਸਪੱਸ਼ਟ ਲਫਜ਼ਾਂ ਵਿੱਚ ਕਹਿ ਦਿੱਤਾ ਕਿ ਉਹ ਘੜੀ ਤੇ ਬੋਰਡ ਲਾਹ ਕੇ ਹੀ ਸਾਹ ਲੈਣਗੇ। ਮੀਟਿੰਗ ਉਪਰੰਤ ਬਾਬਾ ਧੁੰਮਾਂ ਨੇ ਦਮਦਮੀ ਟਕਸਾਲ ਦੇ ਹੈਡਕੁਆਟਰ ਮਹਿਤਾ ਵਿਖੇ ਸੰਤ ਸਮਾਜ ਦੀ ਮੀਟਿੰਗ ਕਰਕੇ ਸਰਕਾਰ ਤੇ ਸ਼ੋਮਣੀ ਕਮੇਟੀ ਲਈ ਹੋਰ ਬਿਪਤਾ ਉਸ ਵੇਲੇ ਖੜੀ ਕਰ ਦਿੱਤੀ ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਕਦੇ ਵੀ ਬੋਰਡ ਲਾਹੁਣ ਦੀ ਆਗਿਆ ਨਹੀਂ ਦੇਣਗੇ ਤੇ ਇਸ ਸਬੰਧ ਵਿੱਚ ਸੰਤ ਸਮਾਜ ਜਿਸਦੇ ਉਹ ਖੁਦ ਪ੍ਰਧਾਨ ਹਨ 6 ਮਈ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦੇਣਗੇ।

ਦਮਦਮੀ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਜਿਹਨਾਂ ਨੂੰ ਇਸ ਵੇਲੇ ਬਾਦਲ ਦਾ ਫੋਬੀਆ ਹੋਇਆ ਪਿਆ ਹੈ ਬਾਰੇ ਚਰਚਾ ਹੈ ਕਿ ਉਹਨਾਂ ਨੇ ਦਮਦਮੀ ਟਕਸਾਲ ਦੀਆ ਰਵਾਇਤਾਂ ਤੇ ਸਿਧਾਤਾਂ ਨੂੰ ਛਿੱਕੇ ਟੰਗ ਕੇ ਪਹਿਲਾਂ ਵਿਧਾਨ ਸਭਾ ਵੇਲੇ ਬਾਦਲ ਦਲ ਲਈ ਸੰਗਤਾਂ ਕੋਲੋ ਨੰਗੇ ਪੈਰੀ ਵੋਟਾਂ ਮੰਗੀਆ ਤੇ ਫਿਰ ਮੋਗਾ ਉਪ ਚੋਣ ਸਮੇਂ ਵੀ ਉਹਨਾਂ ਨੇ ਅਜਿਹਾ ਕੁਝ ਹੀ ਕੀਤਾ ਜਦ ਕਿ ਪਹਿਲੇ ਮੁੱਖੀ ਕਦੇ ਵੀ ਕਿਸੇ ਪਾਰਟੀ ਦੀ ਧਿਰ ਨਹੀਂ ਬਣੇ ਸਗੋਂ ਉਹਨਾਂ ਦੀ ਤਾਂ ਅਕਾਲੀਆ ਨੂੰ ਨਾਲ ਹਮੇਸ਼ਾਂ ਹੀ ਸੱਤ ਇਕੰਜਾ ਹੀ ਚੱਲਦੀ ਰਹੀ ਸੀ। ਬਾਬਾ ਧੁੰਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਸਗੋ ਜੋ ਕੁਝ ਵੀ ਕੀਤਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਮੱਤੇ ਅਨੁਸਾਰ ਹੀ ਕੀਤਾ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਦੋਵਾਂ ਹੱਥਾਂ ਵਿੱਚ ਇਸ ਵੇਲੇ ਲੱਡੂ ਹਨ ਕਿਉਕਿ ਉਹਨਾਂ ਨੇ ਤਾਂ ਆਪਣਾ ਕੰਮ ਕਰਕੇ ਵਿਦੇਸ਼ਾਂ ਵਿੱਚ ਬੈਠੇ ਗਰਮਦਲੀਆ ਦੀ ਹਮਦਰਦੀ ਹਾਸਲ ਕਰ ਲਈ ਹੈ ਅਤੇ ਜੇਕਰ ਮੱਕੜ ਐੰਡ ਜੁੰਡਲੀ ਬੋਰਡ ਉਤਾਰ ਵੀ ਦਿੰਦੀ ਹੈ ਤਾਂ ਵੀ ਉਹ ਵਿਦੇਸ਼ਾਂ ਵਿੱਚ ਜਾ ਕੇ ਕਹਿ ਸਕਦੇ ਹਨ ਕਿ ਉਹਨਾਂ ਨੇ ਵਿਦੇਸ਼ੀ ਸਿੱਖਾਂ ਦੀ ਇੱਛਾ ਅਨੁਸਾਰ ਆਪਣਾ ਕੰਮ ਕਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਤੇ ਸਰਕਾਰ ਨੂੰ ਹਜ਼ਮ ਨਹੀਂ ਹੋਇਆ ਤਾਂ ਉਹ ਕੀ ਕਰ ਸਕਦੇ ਹਨ। ਦੂਸਰੇ ਪਾਸੇ ਮੱਕੜ ਬਾਰ ਬਾਰ ਕਹਿ ਰਹੇ ਹਨ ਕਿ ਬਾਬਾ ਧੁੰਮਾਂ ਨੇ ਸ਼ਹੀਦੀ ਯਾਦਗਾਰ ਵਿੱਚ ਭਿੰਡਰਾਂਵਾਲਿਆ ਦਾ ਫੋਟੋ ਲਗਾ ਤੇ ਤੇ ਬੋਰਡ ਲਗਾ ਕੇ ਉਹਨਾਂ ਨਾਲ ਧੋਖਾ ਕੀਤਾ ਹੈ।

ਸ਼ਹੀਦੀ ਯਾਦਗਾਰ ਦੇ ਵਿਵਾਦ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਬੇੜੀ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਮੰਝਧਾਰ ਵਿੱਚ ਫਸੀ ਹੋਈ ਹੈ ਅਤੇ ਸ੍ਰੀ ਬਾਦਲ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਦਿੱਤੇ ਭਰੋਸੇ ਅਨੁਸਾਰ ਯਾਦਗਾਰ ਦੇ ਸਰੂਪ ਪੂਰਣ ਵਿੱਚ ਗੁਰਦੁਆਰੇ ਵਾਂਗ ਸਥਾਪਤ ਨਹੀਂ ਕਰਦੇ ਤਾਂ ਭਾਜਪਾ ਨਾਲ ਇੱਕ ਮੱਤ ਹੋ ਕੇ ਕੇਂਦਰ ਸਰਕਾਰ ਬਾਦਲ ਸਰਕਾਰ ਨੂੰ ਕਿਸੇ ਵੇਲੇ ਵੀ ਫਨਾਹ ਕਰ ਸਕਦਾ ਹੈ ਜਦ ਕਿ ਸ੍ਰੀ ਬਾਦਲ ਸਰਕਾਰ ਨੂੰ ਬਚਾਉਣ ਲਈ ਹਰ ਪ੍ਰਕਾਰ ਨਾਲ ਯਤਨਸ਼ੀਲ ਹਨ। ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੰਝਧਾਰ ਵਿੱਚੋਂ ਕੱਢਣ ਅਤੇ ਸ਼ਹੀਦੀ ਯਾਦਗਾਰ ਦਾ ਵਿਵਾਦ ਖਤਮ ਕਰਨ ਬਾਦਲ ਹਰ ਪ੍ਰਕਾਰ ਦਾ ਯਤਨ ਕਰਨਗੇ ਅਤੇ ਇਸ ਲਈ ਜੇਕਰ ਉਹਨਾਂ ਨੂੰ ਮੱਕੜ ਦੀ ਪ੍ਰਧਾਨਗੀ ਦੀ ਸ਼ਹੀਦੀ ਦੇਣੀ ਪਈ ਤਾਂ ਉਹ ਸੰਕੋਚ ਨਹੀਂ ਕਰਨਗੇ ਜਿਸ ਦੀਆ ਸੰਭਾਵਨਾ ਬਣ ਰਹੀਆ ਹਨ ਕਿਉਕਿ ਭਲਕੇ 6 ਮਈ 2013 ਸੰਤ ਸਮਾਜ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇਣਾ ਵੀ ਮੱਕੜ ਦੀ ਸ਼ਹੀਦੀ ਲੈਣ ਦੀ ਕੜੀ ਦਾ ਇੱਕ ਹਿੱਸਾ ਹੈ। ਬਾਬਾ ਹਰਨਾਮ ਸਿੰਘ ਧੁੰਮ੍ਯਾਂ ਵੀ ਇਸ ਵੇਲੇ ਬੜਾ ਹੀ ਸੋਚ ਸਮਝ ਕੇ ਬਿਆਨ ਦੇ ਰਹੋ ਹਨ ਅਤੇ ਉਹਨਾਂ ਨੇ ਆਪਣਾ ਸ਼ਬਦੀ ਦਮਦਮੀ ਦੀ ਤੋਪ ਨਾਲ ਨਿਸ਼ਾਨਾ ਸਿਰਫ ਮੱਕੜ ਨੂੰ ਹੀ ਬਣਾਇਆ ਹੈ, ਸਰਕਾਰ ਤੇ ਸ੍ਰੀ ਬਾਦਲ ਦੇ ਖਿਲਾਫ ਇੱਕ ਲਫਜ਼ ਵੀ ਆਪਣੇ ਮੂੰਹੋਂ ਵਿੱਚੋਂ ਉਹ ਨਹੀਂ ਉ¤ਚਰੇ। ਸ੍ਰੀ ਬਾਦਲ ਦੇ ਨੜਲੇ ਸੂਤਰਾਂ ਦਾ ਮੰਨਣਾ ਹੈ ਕਿ ਸ੍ਰੀ ਬਾਦਲ ਵੀ ਮੱਕੜ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹ ਪਹਿਲਾਂ ਹੀ ਮੱਕੜ ਨੂੰ ਲਾਭੇ ਕਰਨ ਲਈ ਕੋਈ ਬਹਾਨਾ ਭਾਲ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਕੇਵਲ ਇੱਕ ਹੀ ਮੈਨੇਜਰ ਹੁੰਦਾ ਸੀ ਪਰ ਅੱਜ ਕਰੀਬ ਡੇਢ ਦਰਜਨ ਮੈਨੇਜਰ ਬਣਾ ਦਿੱਤੇ ਗਏ ਹਨ ਜਿਹੜੇ ਪ੍ਰਬੰਧ ਨੂੰ ਸੰਭਾਲਣ ਦੀ ਬਜਾਏ ਆਪਸ ਵਿੱਚ ਹੀ ਕੁੱਕੜ ਖੇਹ ਉਡਾਈ ਜਾ ਰਹੇ ਹਨ।

ਮਹਿਤਾ ਵਿਖੇ ਹੋਈ ਸੰਤ ਸਮਾਜ ਦੀ ਮੀਟਿੰਗ ਵਿੱਚ ਜਿਥੇ ਪੰਥਕ ਸੇਵਾ ਦਲ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਉਥੇ ਸਰਕਾਰੀ ਧਿਰ ਵੱਲੋਂ ਘੂਰਕੀ ਪੈਣ ਤੇ ਪੱਤਰਕਾਰਾਂ ਨੂੰ ਵਿਸ਼ੇਸ਼ ਕਿਹਾ ਗਿਆ ਕਿ ਬਾਬਾ ਦਾਦੂਵਾਲ ਦੀ ਤਸਵੀਰ ਅਖਬਾਰ ਵਿੱਚ ਨਹੀਂ ਛੱਪਣੀ ਚਾਹੀਦੀ ਪਰ ਬਾਬਾ ਦਾਦੂਵਾਲ ਇਸ ਮੀਟਿੰਗ ਵਿੱਚ ਵੀ ਛਾਏ ਰਹੇ। ਬਾਬਾ ਦਾਦੂਵਾਲ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਤਾਂ ਬਾਬਾ ਧੁੰਮਾਂ ਦੇ ਬੁਲਾਵੇ `ਤੇ ਹੀ ਗਏ ਸਨ ਤੇ ਉਹਨਾਂ ਨੇ ਵੀ ਖੁਦ ਸ਼ਹੀਦੀ ਯਾਦਗਾਰ ਇੱਟਾਂ ਲਗਾਈਆ ਹਨ। ਉਹਨਾਂ ਕਿਹਾ ਕਿ ਭਲਕੇ ਚੱਲਣ ਵਾਲੇ ਮਾਰਚ ਵਿੱਚ ਉਹ ਭਾਗ ਲੈਣਗੇ ਪਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇਣ ਵਾਲਿਆ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਕਿ ਉਹਨਾਂ ਨੇ ਉਸ ਦਾ ਦਾ ਬਾਈਕਾਟ ਕੀਤਾ ਹੋਇਆ ਹੈ ਉਹ ਤਾਂ ਸਿਰਫ ਸ੍ਰੀ ਅਕਾਲ ਤਖਤ ਤੇ ਮੱਥਾ ਟੇਕ ਕੇ ਵਾਪਸ ਪਰਤ ਜਾਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ 10 ਮਈ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੀਟਿੰਗ ਰੱਖ ਲਈ ਹੈ, ਜਿਸ ਬਾਰੇ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਇਹ ਮੀਟਿੰਗ ਕਾਫੀ ਹੰਗਾਮਿਆ ਭਰਪੂਰ ਹੋਵੇਗੀ ਤੇ ਮੀਟਿੰਗ ਵਿੱਚ ਹੀ ਮੱਕੜ ਕੋਲੋ ਅਸਤੀਫਾ ਲੈਣ ਦਾ ਪੜੂਲ ਬੰਨ ਦਿੱਤਾ ਜਾਵੇਗਾ। ਅਸਤੀਫਾ ਐਕਸਪਰਟ ਦੋ ਮਹਾਂਰਥੀ ਸ੍ਰੀ ਸੁਖਦੇਵ ਸਿੰਘ ਭੌਰ ਕੇ ਸ੍ਰੀ ਰਾਜਿੰਦਰ ਸਿੰਘ ਮਹਿਤਾ ਵੀ ਇਸ ਕਮੇਟੀ ਦੇ ਮੈਂਬਰ ਹਨ ਅਤੇ ਉਹ ਤਾਂ ਸਿਰਫ ਹਾਈ ਕਮਾਂਡ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ ਕਿਉਕਿ ਸ੍ਰੀ ਰਾਜਿੰਦਰ ਸਿੰਘ ਮਹਿਤਾ ਵੀ ਸੰਤ ਭਿੰਡਰਾਂਵਾਲਿਆ ਦੀ ਤਸਵੀਰ ਸ਼ਹੀਦੀ ਯਾਦਗਾਰ ਦੇ ਵਿੱਚ ਲਗਾਉਣ ਤੇ ਇਤਿਹਾਸਕ ਬੋਰਡ ਲਾਗਉਣ ਦੇ ਹੱਕ ਵਿੱਚ ਹਨ ਅਤੇ ਬਾਬਾ ਧੁੰਮਾਂ ਦੀ ਅੰਦਰਖਾਤੇ ਉਹ ਹਮਾਇਤ ਵੀ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top